ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ

Mar 20, 2025 - 22:36
ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ

ਟੀ.ਬੀ. ਦੀ ਜਲਦੀ ਪਹਿਚਾਣ ਅਤੇ ਇਲਾਜ ਨਾਲ ਕੀਤਾ ਜਾ ਸਕਦਾ ਕੰਟਰੋਲ: ਡਾ ਚੰਦਰ ਸ਼ੇਖਰ ਕੱਕੜ
ਟੀ.ਬੀ. ਸਬੰਧੀ ਜਾਗਰੂਕਤਾ ਨਾਲ ਟੀ.ਬੀ. ਤੇ ਕੰਟਰੋਲ ਕੀਤਾ ਜਾ ਸਕਦਾ : ਡਾ ਚੰਦਰ ਸ਼ੇਖਰ ਕੱਕੜ
 
ਫਾਜਿਲਕਾ 20 ਮਾਰਚ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਅਤੇ ਡਾ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਸਿਵਲ ਸਰਜਨ ਦਫ਼ਤਰ ਫਾਜਿਲਕਾ ਵਿਖੇ ਬਚਪਨ ਵਿੱਚ ਹੋਣ ਵਾਲੀ ਟੀ.ਬੀ. ਦੀ ਜਾਂਚ ਤੇ ਇਲਾਜ ਸਬੰਧੀ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਦੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਡਾ ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ @ਨੈਸ਼ਨਲ ਟੀਬੀ ਅਲੀਮਿਨੇਸ਼ਨ ਪ੍ਰੋਗ੍ਰਾਮ@ ਤਹਿਤ ਇਹ ਟ੍ਰੇਨਿੰਗ ਵਰਲਡ ਹੈੱਲਥ ਪਾਰਟਨਰ (ਡਬਲਿਊ.ਐੱਚ.ਪੀ.) ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਕਵਿਤਾ ਸਿੰਘ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ, ਡਾ ਨੀਲੂ ਚੁੱਘ ਜਿਲ੍ਹਾ ਟੀ.ਬੀ. ਅਫ਼ਸਰ ਹਾਜ਼ਰ ਸਨ।

ਡਾ ਰਿੰਕੂ ਚਾਵਲਾ ਨੇ ਦੱਸਿਆ ਕਿ ਬੱਚਿਆਂ ਲਈ ਟੀ.ਬੀ. ਦੀ ਬਿਮਾਰੀ ਵੱਡੀ ਚੁਣੌਤੀ ਹੈ, ਕਿਉਂਕਿ ਬੱਚਿਆਂ ਵਿੱਚ ਇਹ ਬਿਮਾਰੀ ਦੇਰ ਨਾਲ ਪਤਾ ਚੱਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਉਦੇਸ਼ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਟੀਬੀ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਡਾਕਟਰਾਂ ਅਤੇ ਹੋਰ ਸਬੰਧਿਤ ਸਟਾਫ਼ ਦੇ ਗਿਆਨ ਅਤੇ ਹੁਨਰ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਾਲ 2025 ਦੇ ਅੰਤ ਤੱਕ ਦੇਸ਼ ਨੂੰ ਟੀਬੀ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸਮੇਂ ਡਾ ਨੀਲੂ ਚੁੱਘ ਨੇ ਮੈਡੀਕਲ ਅਫ਼ਸਰਾਂ ਤੇ ਸਟਾਫ ਨਰਸਾਂ ਨੂੰ ਬੱਚਿਆਂ ਵਿੱਚ ਟੀ.ਬੀ. ਦੇ ਲੱਛਣਾਂ ਦੀ ਪਛਾਣ, ਇਲਾਜ, ਮਹੱਤਤਾ ਅਤੇ ਟੀ.ਬੀ. ਟੈਸਟਿੰਗ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਟੀ.ਬੀ. ਇੱਕ ਲਾਗ ਦੀ ਬਿਮਾਰੀ ਹੈ, ਪਰ ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਅਤੇ ਇਲਾਜ ਕੀਤਾ ਜਾਵੇ ਤਾਂ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਵੱਡਾ ਤੇ ਆਮ ਭੁਲੇਖਾ ਹੈ ਕਿ ਟੀ.ਬੀ. ਦੀ ਬਿਮਾਰੀ ਮੌਤ ਦਾ ਕਾਰਨ ਬਣਦਾ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਹੈ ਕਿਉਂਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਇਹ ਬਿਮਾਰੀ ਅੱਗੇ ਫੈਲਣ ਤੋਂ ਰੋਕੀ ਜਾ ਸਕਦੀ ਹੈ।

ਇਸ ਸਮੇਂ ਸਟੇਟ ਟੈਕਨਿਕਲ ਐਕਸਪਰਟ ਡਾ. ਹਿਤੇਸ਼ ਚੋਪੜਾ ਨੇ ਵੀ @ਨੈਸ਼ਨਲ ਟੀਬੀ ਖਾਤਮਾ ਪ੍ਰੋਗਰਾਮ@ ਤਹਿਤ ਬਾਲ ਟੀ.ਬੀ. ਦੀ ਜਾਂਚ ਅਤੇ ਇਲਾਜ ਸਬੰਧੀ ਨਵੀਆਂ ਗਾਈਡਲਾਈਨਜ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ, ਪਸੀਨੇ ਦੇ ਨਾਲ ਬੁਖਾਰ, ਤੇਜ਼ੀ ਨਾਲ ਭਾਰ ਘਟਣਾ, ਭੁੱਖ ਨਾ ਲੱਗਣਾ, ਥੁੱਕ ਵਿੱਚ ਖੂਨ ਆਉਣਾ ਵਰਗੇ ਲੱਛਣ ਹਨ, ਤਾਂ ਨਜ਼ਦੀਕੀ ਸਿਹਤ ਕੇਂਦਰ ਵਿੱਚ ਟੀ.ਬੀ. ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਟੀ.ਬੀ. ਦੀ ਸ਼ੁਰੂਆਤੀ ਜਾਂਚ, ਪਛਾਣ ਅਤੇ ਇਲਾਜ ਨਾਲ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਬੱਚਿਆਂ ਵਿੱਚ ਇਸਦੀ ਸ਼ੁਰੂਆਤ ਵਿੱਚ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਇਸ ਸਮੇਂ  ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਵਿੱਕੀ ਕੁਮਾਰ ਡੀਲਿੰਗ,  ਵੱਖ ਵੱਖ ਸੰਸਥਾਵਾਂ ਤੋਂ ਮੈਡੀਕਲ ਅਫ਼ਸਰ ਅਤੇ ਸਟਾਫ਼ ਨਰਸਾਂ ਹਾਜ਼ਰ ਸਨ।

ਪਬਲਿਕ ਬਾਈਟਸ ਡੈਸਕ ਪਬਲਿਕ ਬਾਈਟਸ ਇੱਕ ਗਤੀਸ਼ੀਲ ਸਮਾਚਾਰ ਮੰਚ ਹੈ ਜੋ ਨਵੀਨਤਮ ਅੱਪਡੇਟਾਂ, ਅੰਦਰੂਨੀ ਖ਼ਬਰਾਂ ਅਤੇ ਨਿਸਪੱਖ ਪੱਤਰਕਾਰਤਾ ਪ੍ਰਦਾਨ ਕਰਦਾ ਹੈ। ਅਸੀਂ ਤੁਹਾਨੂੰ ਰਾਜਨੀਤੀ, ਵਪਾਰ, ਮਨੋਰੰਜਨ, ਖੇਡਾਂ ਅਤੇ ਹੋਰ ਵਿਭਾਗਾਂ ਦੀ ਤਾਜ਼ਾ ਜਾਣਕਾਰੀ ਉਪਲਬਧ ਕਰਵਾਉਂਦੇ ਹਾਂ। "ਤੁਹਾਡੀ ਆਵਾਜ਼, ਤੁਹਾਡੀ ਖ਼ਬਰ" – ਅਸੀਂ ਤੁਹਾਡੀਆਂ ਗੱਲਾਂ ਨੂੰ ਜਨਤਾ ਤਕ ਪਹੁੰਚਾਉਣ ਲਈ ਵਚਨਬੱਧ ਹਾਂ।